ਜੀਤਸਰ,ਬਹਿਣੀਵਾਲ,ਰਾਏਪੁਰ,ਝੰਡੂਕੇ, ਲਖਵੀਰ ਵਾਲਾ ਪ੍ਰਾਇਮਰੀ ਸਕੂਲਾਂ ਦੀ ਹੋਈ ਚੋਣ
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵਜੋਂ ਹੋਣਗੇ ਸ਼ਾਮਲ
ਮਾਨਸਾ 6 ਜਨਵਰੀ : ਸਭਿਆਚਾਰ ਚੇਤਨਾ ਮੰਚ ਮਾਨਸਾ ਵੱਲ੍ਹੋਂ ਧੀਆਂ ਦੀ ਲੋਹੜੀ ਨੂੰ ਸਮਰਪਿਤ 21ਵੇਂ ਲੋਹੜੀ ਮੇਲੇ ਦੌਰਾਨ ਪੰਜਾਬ ਰਾਜ ਪ੍ਰਾਇਮਰੀ ਖੇਡਾਂ ਦੌਰਾਨ ਪਹਿਲੀ ਵਾਰ ਗੋਲਡ ਮੈਡਲ ਜਿੱਤਣ ਵਾਲੀਆਂ ਮਾਨਸਾ ਜ਼ਿਲ੍ਹੇ ਦੀਆਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ 12 ਕਬੱਡੀ ਖਿਡਾਰਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
10 ਜਨਵਰੀ ਨੂੰ ਖਾਲਸਾ ਹਾਈ ਸਕੂਲ ਮਾਨਸਾ ਵਿਖੇ ਕਰਵਾਏ ਜਾ ਰਹੇ ਲੋਹੜੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮਾਨਸਾ ਜ਼ਿਲ੍ਹੇ ਦੀਆਂ 21 ਹੋਣਹਾਰ ਧੀਆਂ ਦਾ ਸਨਮਾਨ ਕਰਨਗੇ, ਬਾਕੀ ਸਨਮਾਨਿਤ ਹੋਣ ਵਾਲੀਆਂ ਧੀਆਂ ਦੇ ਨਾਵਾਂ ਦਾ ਐਲਾਨ ਜਲਦੀ ਕੀਤਾ ਜਾਵੇ।
ਸਮਾਗਮ ਦੌਰਾਨ ਲੋਹੜੀ ਪ੍ਰਚੰਡ ਕਰਨ ਦੀ ਰਸਮ ਹਲਕਾ ਮਾਨਸਾ ਦੇ ਵਿਧਾਇਕ ਡਾ.ਵਿਜੈ ਸਿੰਗਲਾ, ਸਰਦੂਲਗੜ੍ਹ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ,ਚੁਸਪਿੰਦਰਬੀਰ ਸਿੰਘ ਭੁਪਾਲ ਮਾਲਵਾ ਜ਼ੋਨਲ ਇੰਚਾਰਜ ਯੁੱਧ ਨਸ਼ਿਆਂ ਵਿਰੁੱਧ ਕਰਨਗੇ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ, ਐੱਸ ਐੱਸ ਪੀ ਭਗੀਰਥ ਸਿੰਘ ਮੀਨਾ ਸਮਾਗਮ ਦੀ ਪ੍ਰਧਾਨਗੀ ਕਰਨਗੇ।
ਮੰਚ ਦੇ ਪ੍ਰਧਾਨ ਹਰਿੰਦਰ ਮਾਨਸ਼ਾਹੀਆ,ਜਨਰਲ ਸਕੱਤਰ ਹਰਦੀਪ ਸਿੱਧੂ,ਵਿੱਤ ਸਕੱਤਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਲੋਹੜੀ ਮੇਲੇ ਦੌਰਾਨ ਜਿੰਨਾਂ 12 ਕਬੱਡੀ ਖਿਡਾਰਣਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ, ਉਨ੍ਹਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਬੱਛੋਆਣਾ ਦੀਆਂ ਦੋ ਖਿਡਾਰਣਾਂ ਮਹਿਰੀਨ ਕੌਰ,ਸਿਮਰਜੀਤ ਕੌਰ, ਬਹਿਣੀਵਾਲ ਸਕੂਲ ਦੀਆਂ ਚਾਰ ਖਿਡਾਰਣਾਂ ਸੰਤੋਖ ਕੌਰ,ਜੀਵੀਕਾ ਕੌਰ,ਜਾਨਵੀ ਕੌਰ,ਏਕਮਦੀਪ ਕੌਰ, ਰਾਏਪੁਰ ਸਕੂਲ ਦੀਆਂ ਚਾਰ ਖਿਡਾਰਣਾਂ ਗੁਰਨੂਰ ਕੌਰ, ਹਰਨੂਰ ਕੌਰ, ਜਸਨੂਰ ਕੌਰ, ਨਵਨੀਤ ਕੌਰ, ਝੰਡੂਕੇ ਈ.ਜੀ.ਐੱਸ ਅਪਗ੍ਰੇਡ ਸਕੂਲ ਦੀ ਖਿਡਾਰਨ ਸ਼ਗਨਦੀਪ ਕੌਰ ਅਤੇ ਲਖਵੀਰ ਵਾਲਾ ਸਕੂਲ ਦੀ ਅਵਨੀਤ ਕੌਰ ਸ਼ਾਮਲ ਹੈ। ਕਬੱਡੀ ਖਿਡਾਰਣਾਂ ਦੀ ਅਗਵਾਈ ਬਲਜਿੰਦਰ ਕੌਰ, ਤੇਜਿੰਦਰ ਸਿੰਘ,ਸੱਤਪਾਲ ਸਿੰਘ, ਵਰਿੰਦਰ ਸਿੰਘ, ਸੁਖਦੀਪ ਸਿੰਘ ਦੀ ਨੇ ਸਟੇਟ ਖੇਡਾਂ ਦੌਰਾਨ ਕੀਤੀ।
ਪ੍ਰੋਗਰਾਮ ਦੌਰਾਨ ਪ੍ਰਸਿੱਧ ਕਲਾਕਾਰ ਹਰਦੇਵ ਮਾਹੀਨੰਗਲ,ਵਿੱਕੀ ਸੰਧੂ ਕਨੇਡਾ,ਸੀਰਤ ਸਿੱਧੂ,ਸੇਵਕ ਸੰਦਲ, ਮਨਪ੍ਰੀਤ ਮਾਹੀ,ਹਰਜੀਤ ਜੋਗਾ , ਜਗਦੀਪ ਜੋਗਾ,ਪ੍ਰਸਿੱਧ ਭੰਡ ਅਵਤਾਰ ਚੜਿੱਕ ਅਤੇ ਸਾਥੀ ਸਭਿਆਚਾਰ ਪ੍ਰੋਗਰਾਮ ਦੀ ਪੇਸ਼ਕਾਰੀ ਕਰਨਗੇ।
ਮੰਚ ਦੇ ਕੋਆਰਡੀਨੇਟਰ ਬਲਰਾਜ ਨੰਗਲ, ਸਰਬਜੀਤ ਕੌਸ਼ਲ,ਡਾਇਰੈਕਟਰ ਰਾਜ ਜੋਸ਼ੀ, ਨਰਿੰਦਰ ਸ਼ਰਮਾਂ ਨੇ ਦੱਸਿਆ ਕਿ ਇਸ ਵਾਰ ਦਾ ਲੋਹੜੀ ਮੇਲਾ ਮੰਚ ਦੇ ਸੀਨੀਅਰ ਅਹੁਦੇਦਾਰ ਰਹੇ ਮਰਹੂਮ ਨਾਟਕਕਾਰ ਬਲਰਾਜ ਮਾਨ ਅਤੇ ਜਸ਼ਨਪ੍ਰੀਤ ਸਿੰਘ ਨੂੰ ਸਮਰਪਿਤ ਰਹੇਗਾ,ਜਿੰਨਾਂ ਨੇ ਮੰਚ ਦੀਆਂ ਸਰਗਰਮੀਆਂ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।
Leave feedback about this