ਰੋਪੜ ਰੇਂਜ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਬਾਰੇ ਕੁਝ ਅਹਿਮ ਜਾਣਕਾਰੀ ਮਿਲਣ ਤੋਂ ਬਾਅਦ ਸੀਬੀਆਈ ਦੀ ਇੱਕ ਟੀਮ ਨੇ ਅੱਜ ਪਟਿਆਲਾ ਵਿੱਚ ਬੀਐੱਚ ਪ੍ਰਾਪਰਟੀਜ਼ ਦੇ ਮਾਲਕ ਭੁਪਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਹੈ। ਭੁੱਲਰ ਪਹਿਲਾਂ ਹੀ ਸੀਬੀਆਈ ਦੀ ਗ੍ਰਿਫ਼ਤ ਵਿਚ ਹੈ। ਜਾਣਕਾਰੀ ਅਨੁਸਾਰ ਸੀਬੀਆਈ ਦੀ ਟੀਮ ਭੁਪਿੰਦਰ ਸਿੰਘ ਦੇ ਘਰ ਪਹੁੰਚੀ ਤੇ ਉਥੇ ਤਲਾਸ਼ੀ ਲਈ। ਇਸ ਦੌਰਾਨ ਟੀਮ ਨੇ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਸੂਤਰਾਂ ਦਾ ਕਹਿਣਾ ਹੈ ਕਿ ਭੁੱਲਰ ਤੋਂ ਲਗਾਤਾਰ ਪੁੱਛਗਿੱਛ ਅਤੇ ਸੀਬੀਆਈ ਨੂੰ ਮਿਲੇ ਕੁਝ ਦਸਤਾਵੇਜ਼ਾਂ ਵਿਚ ਬੀਐਚ ਪ੍ਰਾਪਰਟੀਜ਼ ਦਾ ਨਾਮ ਸਾਹਮਣੇ ਆਇਆ, ਹਾਲਾਂਕਿ ਅਧਿਕਾਰੀ ਇਸ ਮਾਮਲੇ ’ਤੇ ਚੁੱਪ ਹਨ। ਸੂਤਰਾਂ ਮੁਤਾਬਕ ਬੀਐੱਚ ਪ੍ਰਾਪਰਟੀ ਵਾਲਿਆਂ ਨੇ ਭੁੱਲਰ ਨੂੰ ਬਨੂੜ ਨੇੜੇ ਕੋਈ ਜ਼ਮੀਨ ਦਿਵਾਈ ਸੀ ਜਿਸ ਸਬੰਧੀ ਹੀ ਸੀਬੀਆਈ ਵੱਲੋਂ ਇਹ ਛਾਪਾ ਮਾਰਿਆ ਗਿਆ ਹੈ। ਸੀਬੀਆਈ ਦੀਆਂ ਟੀਮਾਂ ਨੇ ਅੱਜ ਸਵੇਰੇ 7.30 ਵਜੇ ਦੇ ਕਰੀਬ ਪਟਿਆਲਾ ਦੇ ਮੋਤੀ ਬਾਗ ਸਥਿਤ ਭੁਪਿੰਦਰ ਦੇ ਘਰ ਦਸਤਕ ਦਿੱਤੀ। ਖ਼ਬਰ ਲਿਖੇ ਜਾਣ ਤੱਕ ਤਲਾਸ਼ੀ ਮੁਹਿੰਮ ਜਾਰੀ ਸੀ। ਬੀਐਚ ਪ੍ਰਾਪਰਟੀਜ਼ ਇੱਕ ਜਾਣਿਆ-ਪਛਾਣਿਆ ਪ੍ਰਾਪਰਟੀ ਸਲਾਹਕਾਰ ਅਤੇ ਡੀਲਰ ਹੈ ਜੋ ਪਟਿਆਲਾ ਅਤੇ ਮੁਹਾਲੀ ਵਿੱਚ ਕਈ ਰੀਅਲ ਅਸਟੇਟ ਪ੍ਰੋਜੈਕਟਾਂ ਦਾ ਮਾਲਕ ਹੈ। ਉਸ ਦੇ ਪਟਿਆਲਾ ਅਤੇ ਚੰਡੀਗੜ੍ਹ ਵਿੱਚ ਤਾਇਨਾਤ ਕਈ ਚੋਟੀ ਦੇ ਆਗੂਆਂ, ਅਧਿਕਾਰੀਆਂ ਅਤੇ ਪੁਲੀਸ ਮੁਲਾਜ਼ਮਾਂ ਨਾਲ ਨੇੜਲੇ ਸਬੰਧ ਹਨ। ਇਹ ਛਾਪਾ ਅਜਿਹੇ ਮੌਕੇ ਮਾਰਿਆ ਗਿਆ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਮੁਹਾਲੀ ਕੋਰਟ ਨੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰੋਪੜ ਰੇਂਜ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਪੇਸ਼ਗੀ ਵਾਰੰਟ ਜਾਰੀ ਕਰਨ ਸਬੰਧੀ ਅਰਜ਼ੀ ਨੂੰ ‘ਬੇਅਰਥ’ ਦੱਸਿਆ ਹੈ। ਸੀਬੀਆਈ ਨੇ ਕੋਰਟ ਦੇ ਇਸ ਫੈਸਲੇ ਨੂੰ ‘ਆਪਣੀ ਜਾਂਚ ਨੂੰ ਨਿਰਾਸ਼ ਕਰਨ ਦੀ ਕੋਸ਼ਿਸ਼’ ਕਿਹਾ ਸੀ।
Crime
ਭੁੱਲਰ ਕੇਸ: ਸੀਬੀਆਈ ਵੱਲੋਂ ਪਟਿਆਲਾ ’ਚ ਬੀਐੱਚ ਪ੍ਰਾਪਰਟੀਜ਼ ਦੇ ਮਾਲਕ ਦੇ ਘਰ ’ਤੇ ਛਾਪਾ
- November 4, 2025
- 0 Comments
- Less than a minute
- 432 Views
Leave feedback about this