Punjab

ਪਟਾਖਿਆਂ ਦੀ ਵਿਕਰੀ: ਆਰਜੀ ਲਾਇਸੰਸਾਂ ਲਈ 15 ਅਕਤੂਬਰ ਨੂੰ ਕੱਢਿਆ ਜਾਵੇਗਾ ਡਰਾਅ

ਪਟਾਖਿਆਂ ਦੀ ਵਿਕਰੀ ਅਤੇ ਸਟਾਲਾਂ ਲਗਾਉਣ ਸਬੰਧੀ ਦਰਖਾਸਤਾਂ ਦੀ ਮੰਗ : ਡੀਸੀ
ਬਠਿੰਡਾ, 6 ਅਕਤੂਬਰ

ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸਾਲ 2025 ਦੌਰਾਨ ਦੀਵਾਲੀ ਅਤੇ ਗੁਰਪੁਰਬ ਦਾ ਦਿਹਾੜਾ ਮਨਾਉਣ ਲਈ 18, 19 ਅਤੇ 20 ਅਕਤੂਬਰ 2025 ਅਤੇ 5 ਨਵੰਬਰ 2025 ਨੂੰ ਆਤਿਸ਼ਬਾਜ਼ੀ ਅਤੇ ਪਟਾਖਿਆਂ ਦੀ ਵਿਕਰੀ ਕਰਨ ਲਈ ਜ਼ਿਲ੍ਹੇ ਅੰਦਰ 9 ਥਾਵਾਂ ਸਥਾਨਕ ਨਗਰ ਸੁਧਾਰ ਟਰੱਸਟ ਦਫਤਰ ਦੇ ਸਾਹਮਣੇ, ਸਥਾਨਕ ਖੇਡ ਸਟੇਡੀਅਮ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਗੋਨਿਆਣਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਭੁੱਚੇ ਮੰਡੀ, ਕੈਟਲ ਫੇਅਰ ਗਰਾਂਊਂਡ, ਨਜਦੀਕ ਐਸ.ਐਸ.ਡੀ. ਸੀਨੀਅਰ ਸੈਕੰਡਰੀ ਸਕੂਲ, ਰਾਮਾਂ ਮੰਡੀ, ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਤਲਵੰਡੀ ਸਾਬੋ, ਖੇਡ ਸਟੇਡੀਅਮ ਨੇੜੇ ਸੂਏ ਵਾਲਾ ਪੁਲ, ਮੰਡੀ ਰਾਮਪੁਰਾ ਫੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਠਾ ਗੁਰੂ ਰੋਡ, ਭਗਤਾ ਭਾਈਕਾ ਅਤੇ ਐਸ.ਡੀ. ਹਾਈ ਸਕੂਲ, ਮੋੜ ਨਿਰਧਾਰਿਤ ਕੀਤੀਆਂ ਗਈਆਂ ਹਨ।

ਡੀਸੀ ਰਾਜੇਸ਼ ਧੀਮਾਨ ਨੇ ਜਾਰੀ ਹੁਕਮ ਅਨੁਸਾਰ ਦੱਸਿਆ ਕਿ ਉਕਤ ਥਾਵਾਂ ‘ਤੇ ਸਟਾਲਾਂ ਲਗਾਉਣ ਤੇ ਪਟਾਖਿਆਂ ਦੀ ਵਿਕਰੀ ਕਰਨ ਸਬੰਧੀ ਲਾਇਸੰਸ ਜਾਰੀ ਕਰਨ ਲਈ ਆਮ ਲੋਕਾਂ ਤੋਂ 9, 10 ਅਤੇ 11 ਅਕਤੂਬਰ 2025 ਨੂੰ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸੇਵਾ ਕੇਂਦਰ ਰਾਹੀਂ ਦਰਖਾਸਤਾਂ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਆਰਜੀ ਲਾਇਸੰਸਾਂ ਲਈ ਡਰਾਅ 15 ਅਕਤੂਬਰ 2025 ਨੂੰ ਬਾਅਦ ਦੁਪਿਹਰ 3 ਵਜੇ ਸਥਾਨਕ ਦਫਤਰ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ਵਿਖੇ ਕੱਢਿਆ ਜਾਵੇਗਾ। ਜਾਰੀ ਹੁਕਮ ਅਨੁਸਾਰ ਸਟਾਲਾਂ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਦੁਆਰਾ ਲਗਵਾਈਆਂ ਜਾਣਗੀਆਂ।

ਸਟਾਲਾਂ ਲਗਾਉਣ ਲਈ ਹੇਠ ਲਿਖੀਆਂ ਗੱਲਾਂ ਦਾ ਰੱਖਿਆ ਜਾਵੇ ਧਿਆਨ

ਪਟਾਖੇ ਰੱਖਣ ਵਾਲੀ ਥਾਂ ਕਾਫੀ ਮਜ਼ਬੂਤ ਹੋਵੇ, ਸਟਾਲਾਂ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਬਣਾਇਆ ਜਾਵੇ, ਤਾਂ ਜੋ ਕੋਈ ਅਣਅਧਿਕਾਰਤ ਵਿਅਕਤੀ ਇਸ ਸਟਾਲ ਵਿੱਚ ਨਾ ਜਾ ਸਕੇ। ਸਟਾਲਾਂ ਵਿੱਚ ਪ੍ਰਯੋਗ ਕਰਨ ਵਾਲੇ ਟੇਬਲ, ਕੱਪੜਾ ਆਦਿ ਜਲਣਸ਼ੀਲ ਪਦਾਰਥ ਦਾ ਨਾ ਬਣਿਆ ਹੋਵੇ। ਇਹ ਸਟਾਲ ਇੱਕ ਦੂਜੇ ਤੋਂ ਘੱਟੋ-ਘੱਟ 3 ਮੀਟਰ ਦੂਰੀ ‘ਤੇ ਹੋਣ। ਕਿਸੇ ਵੀ ਸਟਾਲਾਂ ਦਾ ਮੂੰਹ ਇਕ ਦੂਸਰੇ ਵੱਲ ਨਾ ਹੋਵੇ।

ਇਨ੍ਹਾਂ ਸਟਾਲਾਂ ਵਿੱਚ ਰੌਸ਼ਨੀ ਦੇ ਪ੍ਰਬੰਧ ਲਈ ਕੋਈ ਵੀ ਵਿਅਕਤੀ ਮਿੱਟੀ ਦੇ ਤੇਲ ਨਾਲ ਜਲਣ ਵਾਲੀ ਲਾਲਟੈਨ, ਗੈਸ ਨਾਲ ਚੱਲਣ ਵਾਲਾ ਲੈਂਪ/ਮੋਮਬੱਤੀ ਮਾਚਿਸ ਇਸਤੇਮਾਲ ਨਹੀਂ ਕਰੇਗਾ। ਜੇਕਰ ਕਿਸੇ ਬਿਜਲੀ ਦੇ ਉਪਕਰਣ ਦਾ ਇਸਤੇਮਾਲ ਰੌਸ਼ਨੀ ਲਈ ਕੀਤਾ ਜਾਂਦਾ ਹੈ ਤਾਂ ਇਹ ਕੰਧ ਜਾਂ ਛੱਤ ਨਾਲ ਪੂਰੀ ਤਰ੍ਹਾਂ ਜੁੜੇ ਹੋਣੇ ਚਾਹੀਦੇ ਹਨ ਨਾ ਕਿ ਤਾਰ ਨਾਲ ਹਵਾ ਵਿੱਚ ਲਟਕਦੇ ਹੋਣ। ਸਾਰੇ ਸਵਿੱਚਾਂ ਨੂੰ ਤਰੀਕੇ ਨਾਲ ਕੰਧ ਜਾਂ ਛੱਤ ਨਾਲ ਜੋੜਕੇ ਰੱਖਿਆ ਜਾਵੇ।

Leave feedback about this

  • Service
Choose Image