Punjab

ਬਚਾਓ ਕਾਰਜਾਂ ਤੋਂ ਬਾਅਦ ਹੁਣ ਲੋਕਾਂ ਦੇ ਮੁੜ ਵਸੇਬੇ ਲਈ ਕੰਮ ਕਰਨ ਲਈ ਜੰਗੀ ਪੱਧਰ ਉੱਤੇ ਉਪਰਾਲੇ ਕੀਤੇ ਜਾਣਗੇ -ਕਮਲ ਕਿਸ਼ੋਰ ਯਾਦਵ

ਬਰਸਾਤੀ ਬਿਮਾਰੀਆਂ ਤੋਂ ਬਚਾ ਲਈ ਹੜ ਪੀੜਤ ਇਲਾਕੇ ਵਿੱਚ ਲਗਾਏ ਜਾਣਗੇ 24 ਘੰਟੇ ਮੈਡੀਕਲ ਕੈਂਪ

ਅਜਨਾਲਾ, 1 ਸਤੰਬਰ

ਜਿਲੇ ਦੇ ਹੜ ਪ੍ਰਭਾਵਿਤ ਇਲਾਕੇ ਵਿੱਚ ਬਚਾਅ ਅਤੇ ਰਾਹਤ ਕਾਰਜਾਂ ਦੇ ਕੰਮ ਵਿੱਚ ਸਾਥ ਦੇਣ ਲਈ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਵੱਲੋਂ ਬਣਾਈ ਗਈ ਉੱਚ ਤਾਕਤੀ ਕਮੇਟੀ ਜਿਸ ਦੇ ਮੈਂਬਰ ਸੀਨੀਅਰ ਆਈਏਐਸ ਅਧਿਕਾਰੀ ਸ੍ਰੀ ਕਮਲ ਕਿਸ਼ੋਰ ਯਾਦਵ, ਸ੍ਰੀ ਵਰਨ ਰੂਜ਼ਮ ਅਤੇ ਸ੍ਰੀ ਬਸੰਤ ਗਰਗ ਸ਼ਾਮਿਲ ਹਨ, ਨੇ ਅੱਜ ਅਜਨਾਲਾ ਪਹੁੰਚ ਕੇ ਰਾਹਤ ਕੰਮਾਂ ਵਿੱਚ ਲੱਗੀਆਂ ਟੀਮਾਂ ਨਾਲ ਵਿਸਥਾਰਤ ਮੀਟਿੰਗ ਕੀਤੀ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਜਿਲਾ ਪੁਲਿਸ ਮੁਖੀ ਸ ਮਨਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਐਸਡੀਐਮ ਗੁਰ ਸਿਮਰਨ ਸਿੰਘ ਢਿੱਲੋਂ, ਸਹਾਇਕ ਕਮਿਸ਼ਨਰ ਸ੍ਰੀ ਖੁਸ਼ਦੀਪ ਸਿੰਘ ਅਤੇ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

  ਸ੍ਰੀ ਕਮਲ ਕਿਸ਼ੋਰ ਯਾਦਵ ਨੇ ਹੁਣ ਤੱਕ ਜਿਲਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਕੰਮਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਤੁਹਾਡੇ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਨੇ ਕਈ ਕੀਮਤੀ ਜਾਂਨਾਂ ਬਚਾਈਆਂ ਹਨ। ਉਹਨਾਂ ਕਿਹਾ ਕਿ ਇਹ ਆਫਤ ਸੋਚ ਤੋਂ ਵੀ ਵੱਡੀ ਸੀ ਪਰ ਸਮੇਂ ਸਿਰ ਟੀਮਾਂ ਦੇ ਐਕਟਿਵ ਹੋਣ ਨਾਲ ਵੱਡੇ ਜਾਨੀ ਨੁਕਸਾਨ ਦਾ ਬਚਾਅ ਹੋਇਆ ਹੈ। ਸ੍ਰੀ ਯਾਦਵ ਨੇ ਕਿਹਾ ਕਿ ਹੁਣ ਅਸੀਂ ਬਚਾਅ ਕਾਰਜਾਂ ਤੋਂ ਬਾਅਦ ਰਾਹਤ ਦੇ ਨਾਲ ਨਾਲ ਲੋਕਾਂ ਦੇ ਮੁੜ ਵਸੇਬੇ ਲਈ ਕੰਮ ਕਰਨਾ ਹੈ, ਇਸ ਲਈ ਸਾਰੇ ਵਿਭਾਗ ਆਪਣੇ ਆਪਣੇ ਕੰਮ ਜਿਨਾਂ ਵਿੱਚ ਸੜਕਾਂ,ਪੁਲਾਂ ਦੀ ਮੁਰੰਮਤ,ਬਿਜਲੀ ਸਪਲਾਈ ਦੀ ਬਹਾਲੀ, ਪੀਣ ਵਾਲੇ ਪਾਣੀ ਦੀ ਸਪਲਾਈ, ਡਾਕਟਰੀ ਸਹਾਇਤਾ ਆਦਿ ਸ਼ਾਮਿਲ ਹਨ, ਲਈ ਕੰਮ ਕਰਨਾ ਸ਼ੁਰੂ ਕਰਨ। ਉਹਨਾਂ ਕਿਹਾ ਕਿ ਇਸ ਲਈ ਰਾਜ ਸਰਕਾਰ ਤੋਂ ਜੋ ਸਹਾਇਤਾ ਤੁਹਾਨੂੰ ਚਾਹੀਦੀ ਹੋਵੇਗੀ ਉਹ ਮੈਂ ਲੈ ਕੇ ਦਿਆਂਗਾ। ਇਸ ਤੋਂ ਇਲਾਵਾ ਜੇਕਰ ਕਿਸੇ ਹੋਰ ਜਿਲੇ ਵਿੱਚੋਂ ਵੀ ਤੁਹਾਨੂੰ ਸਟਾਫ ਜਾਂ ਸਹਾਇਤਾ ਚਾਹੀਦੀ ਹੈ ਤਾਂ ਵੀ ਉਸੇ ਵੇਲੇ ਮਿਲੇਗੀ।

     ਸ੍ਰੀ ਬਸੰਤ ਗਰਗ ਨੇ ਇਸ ਮੌਕੇ ਖੇਤੀਬਾੜੀ ਵਿਭਾਗ ਨੂੰ ਆਉਣ ਵਾਲੇ ਸੀਜਨ ਦੀ ਤਿਆਰੀ ਲਈ ਕੰਮ ਕਰਨ ਅਤੇ ਪਸ਼ੂਆਂ ਦੇ ਚਾਰੇ ਲਈ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ। ਉਹਨਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੀ ਇਹ ਯਕੀਨੀ ਬਣਾਵੇ ਕਿ ਪਸ਼ੂਆਂ ਦਾ ਕਿਸੇ ਬਿਮਾਰੀ ਨਾਲ ਕੋਈ ਨੁਕਸਾਨ ਨਾ ਹੋਵੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਖੁਰਾਕ ਸਪਲਾਈ ਵਿਭਾਗ ਇਲਾਕੇ ਵਿੱਚ ਡੀਜ਼ਲ, ਪੈਟਰੋਲ ਅਤੇ ਗੈਸ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣ ਤੋਂ ਇਲਾਵਾ ਜਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਵੇ।

    ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅਸੀਂ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਇਲਾਕੇ ਵਿੱਚ ਮੈਡੀਕਲ ਕੈਂਪ ਲਗਾਉਣ ਦੀ ਯੋਜਨਾ ਬੰਦੀ ਕੀਤੀ ਹੈ ਜੋ ਕਿ 24 ਘੰਟੇ ਚੱਲਣਗੇ। ਇਸ ਤੋਂ ਇਲਾਵਾ 20 ਟੀਮਾਂ ਵੈਟਰਨਰੀ ਵਿਭਾਗ ਦੀਆਂ ਬਣਾਈਆਂ ਹਨ ਜੋ ਕਿ ਇਲਾਕੇ ਵਿੱਚ ਤੈਨਾਤ ਰਹਿਣਗੀਆਂ ਅਤੇ ਪਸ਼ੂਆਂ ਦੀ ਦੇਖਭਾਲ ਵਿੱਚ ਕੰਮ ਕਰਨਗੀਆਂ। ਉਹਨਾਂ ਸਾਰੇ ਵਿਭਾਗਾਂ ਵੱਲੋਂ ਇਹ ਭਰੋਸਾ ਦਿੱਤਾ ਕਿ ਅਸੀਂ ਹੜ ਪੀੜਿਤ ਲੋਕਾਂ ਦੇ ਮੁੜ ਵਸੇਬੇ ਲਈ ਯਤਨਸ਼ੀਲ ਰਹਾਂਗੇ ਅਤੇ ਕੋਸ਼ਿਸ਼ ਹੋਵੇਗੀ ਕਿ ਕਿਸੇ ਨੂੰ ਵੀ ਕੋਈ ਸਮੱਸਿਆ ਨਾ ਆਵੇ।

ਕੈਪਸਨ

ਅਜਨਾਲਾ ਵਿਖੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਸ਼੍ਰੀ ਕਮਲ ਕਿਸ਼ੋਰ ਯਾਦਵ, ਸ਼੍ਰੀ ਬਸੰਤ ਗਰਗ। ਨਾਲ ਹਨ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ ਮਨਿੰਦਰ ਸਿੰਘ।

Leave feedback about this

  • Service
Choose Image