ਚੰਡੀਗੜ੍ਹ, 2 ਸਤੰਬਰ
ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਵਿੱਚ ਭਾਰੀ ਮੀਂਹ ਨੇ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਤਾਂ ਕੀਤਾ ਹੀ ਹੈ, ਪਰ ਇਸ ਸੰਕਟ ਦੀ ਘੜੀ ਵਿੱਚ ਸੋਸ਼ਲ ਮੀਡੀਆ ਉੱਤੇ ਫੈਲ ਰਹੀਆਂ ਝੂਠੀਆਂ ਖਬਰਾਂ ਤੇ ਵਾਇਰਲ ਵੀਡੀਓਜ਼ ਨੇ ਅਫਰਾ-ਤਫਰੀ ਵਧਾ ਦਿੱਤੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਅਜਿਹੀਆਂ ਅਫਵਾਹਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਤਾਂ ਕੀਤੀ ਹੈ, ਪਰ ਫਿਰ ਵੀ ਆਪਣੇ ਵਿਉਜ਼ ਵਧਾਉਣ ਲਈ ਗਲਤ ਜਾਣਕਾਰੀ ਤੇਜ਼ੀ ਨਾਲ ਫੈਲਾਈ ਜਾ ਰਹੀ ਹੈ।
ਜਿੱਥੇ ਬਰਨਾਲਾ ਵਿੱਚ ਹਰੀਗੜ੍ਹ ਨਹਿਰ ਦੀ ਝੂਠੀ ਵਾਇਰਲ ਤਸਵੀਰ ਨਾਲ ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਇਸ ਨਹਿਰ ਨਾਲ ਲੱਗਦੇ ਇਲਾਕੇ ਡੁੱਬ ਜਾਣਗੇ। ਉੱਥੇ ਨਾਲ ਹੀ ਉਫਾਨ ਤੇ ਬਿਆਸ ਦਰਿਆ ਵਿੱਚੋਂ ਮਗਰਮੱਛਾਂ ਦੀ ਸੜਕਾਂ ਤੇ ਵੀਡੀਓ ਵੀ ਤੇਜ਼ੀ ਨਾਲ ਫੈਲ ਰਹੀ ਹੈ ।

ਪ੍ਰਸ਼ਾਸਨ ਨੇ ਬਰਨਾਲਾ ਵਿਖੇ ਹਰੀਗੜ੍ਹ ਨਹਿਰ ਕੰਢੇ ਪਿੰਡਾਂ ਦੇ ਡੁੱਬ ਜਾਣ ਦੀ ਖਬਰ ਨੂੰ ਅਧਿਕਾਰਿਕ ਤੌਰ ਤੇ ਝੂਠਾ ਕਰਾਰ ਦੇ ਦਿੱਤਾ ਗਿਆ ਹੈ । ਅਧਿਕਾਰੀਆਂ ਨੇ ਦੱਸਿਆ ਕਿ ਵਾਇਰਲ ਵੀਡੀਓ ਵਿੱਚ ਨਹਿਰ ਦੀ ਤਸਵੀਰ ਪੁਰਾਣੀ ਹੈ । ਸੱਚ ਇਹ ਹੈ ਕਿ ਇਸ ਨਹਿਰ ਦਾ ਪਾਣੀ ਨਿਯੰਤਰਣ ਵਿੱਚ ਹੈ । ਇਸ ਅਫਵਾਹ ਨੇ ਕਈ ਪਿੰਡ ਵਾਸੀਆਂ ਨੂੰ ਘਰ ਛੱਡਣ ਲਈ ਮਜਬੂਰ ਕੀਤਾ । ਪੁਲਿਸ ਨੇ ਅਫਵਾਹ ਫੈਲਾਉਣ ਵਾਲਿਆਂ ਵਿਰੁੱਧ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।
ਇਸੇ ਤਰ੍ਹਾਂ ਗੁਜਰਾਤ ਦੀ ਇੱਕ ਪੁਰਾਣੀ ਮਗਰਮੱਛ ਦੀ ਹੜ੍ਹ ਦੇ ਪਾਣੀ ਵਿੱਚ ਦੀ ਵੀਡੀਓ ਨੂੰ ਪੰਜਾਬ ਨਾਲ ਜੋੜਿਆ ਕੇ ਸੜਕਾਂ ਤੇ ਤੈਰਦੇ ਦਿਖਾਇਆ ਜਾ ਰਿਹਾ ਹੈ । ਫੈਕਟ ਚੈੱਕਰਾਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਵੀਡੀਓ 2019 ਦੀ ਗੁਜਰਾਤ ਦੀ ਘਟਨਾ ਦੀ ਹੈ । ਇਸ ਨੇ ਲੋਕਾਂ ਵਿੱਚ ਡਰ ਪੈਦਾ ਕੀਤਾ ਹੈ, ਜਿਸ ਕਾਰਨ ਕਈ ਲੋਕ ਪਾਣੀ ਵਿੱਚ ਜਾਣ ਤੋਂ ਡਰ ਰਹੇ ਹਨ। ਇਸ ਗੱਲ ਦਾ ਖੁਲਾਸਾ www.boomlive.in ਵੀ ਕੀਤਾ ਗਿਆ ਹੈ
ਅਧਿਕਾਰੀਆਂ ਨੇ ਅਪੀਲ ਕੀਤੀ ਹੈ ਕਿ ਜਾਣਕਾਰੀ ਸ਼ੇਅਰ ਕਰਨ ਤੋਂ ਪਹਿਲਾਂ ਉਸ ਦੀ ਸੱਚਾਈ ਜਾਂਚੋ । ਫੇਕ ਨਿਊਜ਼ ਨੇ ਰਾਹਤ ਕਾਰਜਾਂ ਵਿੱਚ ਰੁਕਾਵਟ ਪੈਦਾ ਕੀਤੀ ਹੈ । ਪੰਜਾਬ ਸਰਕਾਰ ਨੇ ਫੇਕ ਨਿਊਜ਼ ਵਿਰੋਧੀ ਕੈਂਪੇਨ ਸ਼ੁਰੂ ਕੀਤੀ ਹੈ ਤਾਂ ਜੋ ਜਾਗਰੂਕਤਾ ਫੈਲਾਈ ਜਾ ਸਕੇ। ਸਹੀ ਜਾਣਕਾਰੀ ਹੀ ਸੰਕਟ ਵਿੱਚ ਸਭ ਤੋਂ ਵੱਡੀ ਤਾਕਤ ਹੈ ।
Leave feedback about this