Latest News

142 ਕੁਇੰਟਲ ਸਾਈਲੇਜ, 800 ਕੁਇੰਟਲ ਪੁੱਜੀ ਫੀਡ-ਡਿਪਟੀ ਕਮਿਸ਼ਨਰ

ਰਾਹਤ ਕੈਂਪਾਂ ਵਿੱਚ 300 ਦੇ ਕਰੀਬ ਲੋਕਾਂ ਨੇ ਲਿਆ ਆਸਰਾ – ਡਿਪਟੀ ਕਮਿਸ਼ਨਰ 

ਅੰਮ੍ਰਿਤਸਰ, 30 ਅਗਸਤ 2025:

               ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਅਜਨਾਲਾ ਵਿਖੇ ਤਿੰਨ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ ਜਿੰਨਾਂ ਵਿੱਚ ਹੁਣ ਤੱਕ 300 ਲੋਕਾਂ ਨੇ ਆਸਰਾ ਲਿਆ ਹੋਇਆ ਹੈ, ਇਨ੍ਹਾਂ  ਪਰਿਵਾਰਾਂ ਵਿਚੋਂ ਕੁਝ ਪਰਿਵਾਰ ਆਪਣੇ ਨਜਦੀਕੀ ਰਿਸ਼ਤੇਦਾਰ ਕੋਲ ਚਲੇ ਗਏ ਹਨ ਅਤੇ ਕੁਝ ਨਵੇਂ ਪੀੜਤ ਪਰਿਵਾਰ ਇਨ੍ਹਾਂ  ਕੈਂਪਾਂ ਵਿੱਚ ਆਸਰਾ ਲੈ ਰਹੇ ਹਨ ਅਤੇ ਇਨ੍ਹਾਂ ਪਰਿਵਾਰਾਂ ਨੂੰ ਰੈਡ ਕਰਾਸ ਦੀ ਸਹਾਇਤਾ ਨਾਲ ਰਹਿਣ-ਸਹਿਣ ਅਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਨੂੰ ਹੁਣ ਤੱਕ ਪਸ਼ੂਆਂ ਲਈ 142 ਕੁਇੰਟਲ ਸਾਈਲੇਜ (ਸੁੱਕਾ ਚਾਰਾ) ਅਤੇ ਲੱਗਭੱਗ 800 ਕੁਇੰਟਲ ਫੀਡ ਪ੍ਰਾਪਤ ਹੋਈ ਹੈ ਜਿਸ ਵਿੱਚੋਂ 500 ਕੁਇੰਟਲ ਫੀਡ ਅਤੇ 100 ਕੁਇੰਟਲ ਦੇ ਕਰੀਬ ਹਰਾ ਚਾਰਾ ਵੰਡਿਆ ਜਾ ਚੁੱਕਾ ਹੈ।

               ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੂਰਾ ਪ੍ਰਸਾਸ਼ਨ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਦਿਨ ਰਾਤ ਕੰਮ ਕਰ ਰਿਹਾ ਹੈ ਅਤੇ ਪੂਰੀ ਬਰਸਾਤ ਦੌਰਾਨ ਵੀ ਸਾਡੇ ਅਧਿਕਾਰੀ ਤੇ ਕਰਮਚਾਰੀ ਮੁਸੀਬਤ ਦੀ ਘੜੀ ਵਿੱਚ ਲੋਕਾਂ ਨਾਲ ਹਨ।  ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਲੱਗੀਆਂ ਐਨ:ਡੀ:ਆਰ:ਐਫ ਟੀਮਾਂ ਨੂੰ ਵੀ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਇਹ ਟੀਮਾਂ ਪੂਰੀ ਮੁਸਤੈਦੀ ਨਾਲ ਆਪਣਾ ਕੰਮ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਰੈਸਕਿਊ ਕਰ ਰਹੀਆਂ ਹਨ।

                              ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਮਦਦ ਲਈ ਰਾਸ਼ਨ, ਪੀਣਾ ਵਾਲਾ ਪਾਣੀ, ਪਸ਼ੂਆਂ ਲਈ ਚਾਰੇ ਆਦਿ ਦੇਣ ਲਈ ਕੋਈ ਵੀ ਵਿਅਕਤੀ ਜਾਂ ਸੰਸਥਾ ਰੈਡ ਕਰਾਸ ਅੰਮ੍ਰਿਤਸਰ ਅਤੇ ਮਾਰਕੀਟ ਕਮੇਟੀ ਅਜਨਾਲਾ ਦੇ ਦਫ਼ਤਰ ਵਿੱਖੇ ਪੁਜਦਾ ਕਰ ਸਕਦਾ ਹੈ। ਉਨਾਂ ਦੱਸਿਆ ਕਿ ਰਾਹਤ ਸਮੱਗਰੀ ਦੇਣ ਲਈ ਸ੍ਰੀ ਦਵਿੰਦਰ ਠਾਕੁਰ ਦੇ ਮੋਬਾਇਲ ਨੰਬਰ 9877076017 ਤੇ ਵੀ ਸੰਪਰਕ ਸਥਾਪਿਤ ਕੀਤਾ ਜਾ ਸਕਦਾ ਹੈ। ਇਹਨਾਂ ਦਾ ਨੋਡਲ ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ ਨੂੰ ਬਣਾਇਆ ਗਿਆ ਹੈ।

               ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਹੜ੍ਹ ਪੀੜਤ ਪਰਿਵਾਰਾਂ  ਲਈ ਰਾਹਤ ਕੈਂਪ ਦਾਣਾ ਮੰਡੀ ਅਜਨਾਲਾ, ਭਲਾ ਪਿੰਡ ਸ਼ੁਗਰ ਮਿਲ ਅਤੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਸਥਾਪਤ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਪਸ਼ੂਆਂ ਲਈ ਦਾਣਾ ਮੰਡੀ ਅਜਨਾਲਾ ਵਿਖੇ ਵੀ ਇਕ ਵਿਸ਼ੇਸ਼ ਰਾਹਤ ਕੈਂਪ ਸਥਾਪਤ ਕੀਤਾ ਗਿਆ ਹੈ, ਜਿਥੇ ਪਸ਼ੂਆਂ ਦੇ ਚਾਰੇ ਦੇ ਪ੍ਰਬੰਧ ਤੋਂ ਇਲਾਵਾ ਵੈਟਨਰੀ ਡਾਕਟਰ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਲੋੜਵੰਦ ਵਿਅਕਤੀ ਰਾਹਤ ਕੰਮ ਦਾਣਾ ਮੰਡੀ ਚੋਗਾਵਾਂ ਰੋਡ ਅਜਨਾਲਾ ਦੇ ਹੈਲਪਲਾਈਨ ਨੰਬਰ 8437653157, ਰਾਹਤ ਕੈਂਪ ਭਲਾ ਪਿੰਡ ਸ਼ੁਗਰ ਮਿੱਲ ਦੇ ਹੈਲਪ ਲਾਈਨ ਨੰਬਰ 7528043152 ਅਤੇ ਰਾਹਤ ਕੈਂਪ ਗੁਰਦੁਆਰਾ ਗੁਰੂ ਕਾ ਬਾਗ ਦੇ ਹੈਲਪ ਲਾਈਨ ਨੰਬਰ 8264265504 ਤੇ ਕਿਸੇ ਵੀ ਮਦਦ ਲਈ ਸੰਪਰਕ ਸਥਾਪਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਤਹਿਸੀਲ ਮਜੀਠਾ ਅਧੀਨ ਆਉਂਦੇ ਪਿੰਡਾਂ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸਦਾ ਨੰਬਰ 79737-39979 ਹੈ ਜੋ ਕਿ 24 ਘੰਟੇ ਗਤੀਸ਼ੀਲ ਰਹੇਗਾ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਹਰ ਵੇਲੇ ਉਨ੍ਹਾਂ ਦੀ ਸਹਾਇਤ ਕਰਨ ਲਈ ਹਾਜਰ ਹੈ।

               ਵਧੀਕ ਡਿਪਟੀ ਕਮਿਸ਼ਨਰ ਨੇ ਹੜ੍ਹ ਪੀੜਤ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਰਾਹਤ ਕੈਂਪਾਂ ਵਿੱਚ ਸ਼ਰਨ ਲੈ ਸਕਦੇ ਹਨ ਅਤੇ ਇਨ੍ਹਾਂ ਵਾਸਤੇ ਰੋਟੀ ਪਾਣੀ ਦੀ ਪੂਰੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਜਿਲ੍ਹਾ ਪ੍ਰਸਾਸ਼ਨ ਵੱਲੋਂ ਜਿਲ੍ਹਾ ਪੱਧਰ ਤੇ ਹੈਲਪ ਲਾਈਨ ਨੰਬਰ 0183-2229125 ਅਤੇ ਅਜਨਾਲਾ ਵਿਖੇ ਹੈਲਪ ਲਾਈਨ ਨੰਬਰ 01858-245510 ਤੇ ਵੀ ਸੰਪਰਕ ਸਥਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਣਸੁਖਾਵੀ  ਸਥਿਤੀ ਵਿੱਚ ਇਨ੍ਹਾਂ ਹੈਲਪ ਲਾਈਨ ਨੰਬਰਾਂ ਤੇ ਸੰਪਰਕ ਕੀਤਾ ਜਾਵੇ ਤਾਂ ਜੋ ਪ੍ਰਸਾਸ਼ਨ ਉਨ੍ਹਾਂ ਦੀ ਹਰ ਸੰਭਵ ਮਦਦ ਕਰ ਸਕੇ।

Leave feedback about this

  • Service
Choose Image