ਤਰਨ ਤਾਰਨ, 30 ਅਗਸਤ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਆਈ.ਏ.ਐਸ. ਦੇ ਨਿਰਦੇਸ਼ਾਂ ਅਨੁਸਾਰ ਬਿਆਸ ਦਰਿਆ ਦੇ ਧੁੱਸੀ ਬੰਨ ਨੂੰ ਮਜ਼ਬੂਤ ਬਣਾਉਣ ਲਈ ਲਗਾਤਾਰ ਕੰਮ ਜਾਰੀ ਹੈ। ਪਿਛਲੇ ਕੁਝ ਦਿਨਾਂ ਦੌਰਾਨ ਦਰਿਆ ਦੇ ਪਾਣੀ ਦੇ ਵਧੇ ਹੋਏ ਵਹਾਅ ਕਾਰਨ ਗੋਇੰਦਵਾਲ ਸਾਹਿਬ ਤੋਂ ਕਪੂਰਥਲਾ ਰੋਡ ਦੇ ਉੱਪਰਲੇ ਹਿੱਸੇ ਵੈਰੋਵਾਲ ਪਾਸੇ ਇਸ ਬੰਨ ’ਤੇ ਦਬਾਅ ਬਣਿਆ ਹੋਇਆ ਸੀ।
ਇਸ ਸਥਿਤੀ ਨੂੰ ਕੰਟਰੋਲ ਕਰਨ ਲਈ ਨਰੇਗਾ ਲੇਬਰ, ਜੇਸੀਬੀ ਮਸ਼ੀਨਾਂ ਅਤੇ ਟਰੈਕਟਰ-ਟਰਾਲੀਆਂ ਦੀ ਮਦਦ ਨਾਲ ਬੰਨ ਨੂੰ ਮਿੱਟੀ ਪਾ ਕੇ ਮਜ਼ਬੂਤ ਕੀਤਾ ਗਿਆ। ਇਸ ਕੰਮ ਵਿੱਚ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀ ਪੂਰਾ ਸਹਿਯੋਗ ਮਿਲਿਆ।
ਡੀ.ਸੀ. ਦੇ ਨਿਰਦੇਸ਼ ਅਨੁਸਾਰ ਪ੍ਰਸ਼ਾਸਨ ਨੇ ਬੰਨ ਦੀ ਹਰ ਕਮਜ਼ੋਰ ਕੜੀ ਦੀ ਪਹਿਚਾਣ ਕਰਕੇ ਉਸਨੂੰ ਪੱਕਾ ਕਰਨ ਦਾ ਕੰਮ ਜਾਰੀ ਰੱਖਿਆ ਹੈ, ਤਾਂ ਜੋ ਭਵਿੱਖ ਵਿੱਚ ਜੇਕਰ ਪਾਣੀ ਦਾ ਪੱਧਰ ਵਧੇ ਤਾਂ ਕਿਸੇ ਤਰ੍ਹਾਂ ਦਾ ਖਤਰਾ ਪੈਦਾ ਨਾ ਹੋਵੇ।
ਅੱਜ ਏ.ਡੀ.ਸੀ. (ਡੀ) ਸ੍ਰੀ ਸੰਜੀਵ ਸ਼ਰਮਾ, ਡੀ.ਡੀ.ਪੀ.ਓ. ਪਿਆਰ ਸਿੰਘ, ਬੀ.ਡੀ.ਪੀ.ਓ. ਖਡੂਰ ਸਾਹਿਬ ਗੁਰਮੁਖ ਸਿੰਘ ਅਤੇ ਐਸ.ਸੀ.ਪੀ.ਓ. ਦਲਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਪੂਰੀ ਟੀਮ ਦੇ ਯਤਨਾਂ ਦੀ ਸਰਾਹਨਾ ਕੀਤੀ।
ਏ.ਡੀ.ਸੀ. ਸ੍ਰੀ ਸ਼ਰਮਾ ਨੇ ਕਿਹਾ ਕਿ ਜਦੋਂ ਤੱਕ ਖਤਰੇ ਦੀ ਸੰਭਾਵਨਾ ਪੂਰੀ ਤਰ੍ਹਾਂ ਦੂਰ ਨਹੀਂ ਹੋ ਜਾਂਦੀ, ਉਸ ਸਮੇਂ ਤੱਕ ਬੰਨ ’ਤੇ ਨਿਗਰਾਨੀ ਤੇ ਕੰਮ ਜਾਰੀ ਰੱਖਿਆ ਜਾਵੇਗਾ, ਤਾਂ ਜੋ ਕਿਸੇ ਵੀ ਸੰਭਾਵਿਤ ਹਾਲਾਤ ਦਾ ਸਮੇਂ ਸਿਰ ਮੁਕਾਬਲਾ ਕੀਤਾ ਜਾ ਸਕੇ।
Leave feedback about this