SpotLight ‎ News

ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਅੱਜ ਪਵੇਗਾ ਮੀਂਹ, ਚੰਡੀਗੜ੍ਹ ਸੁਖਨਾ ਲੇਕ ਦੇ ਫਲੱਡ ਗੇਟ ਖੋਲ੍ਹੇ

ਚੰਡੀਗੜ ਬਿਊਰੋ, 29 ਅਗਸਤ

ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਅੱਜ ਪੰਜਾਬ ਦੇ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ ਇਲਾਕਿਆਂ ਵਿੱਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (30-40 kmph) ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੋਹਾਲੀ, ਚੰਡੀਗੜ੍ਹ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ , ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਲੁਧਿਆਣਾ ਵਿੱਚ ਵੀ ਭਾਰੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (30-40 kmph) ਦੀ ਸੰਭਾਵਨਾ ਹੈ।

ਨਾਲ ਹੀ ਜ਼ਿਕਰਯੋਗ ਹੈ ਕਿ ਚੰਡੀਗੜ੍ਹ ਸੁਖਨਾ ਲੇਕ ਦੇ ਫਲੱਡ ਗੇਟ ਖੋਲ੍ਹੇ ਦਿੱਤੇ ਗਏ ਹਨ ਜਿਸ ਨਾਲ ਪਟਿਆਲਾ ਅਤੇ ਹੋਰ ਘੱਗਰ ਦਰਿਆ ਵਾਲੇ ਇਲਾਕਿਆਂ ‘ਚ ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ ਹੈ। ਘੱਗਰ ਨਦੀ ਦੇ ਕੈਚਮੈਂਟ ਖੇਤਰ ਵਿੱਚ ਪਏ ਭਾਰੀ ਮੀਂਹ ਅਤੇ ਸੁਖਨਾ ਲੇਕ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਜਪੁਰਾ ਸਬ ਡਵੀਜ਼ਨ ਦੇ ਘੱਗਰ ਨੇੜੇ ਪੈਂਦੇ ਕੁਝ ਪਿੰਡਾਂ ਦੇ ਵਸਨੀਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

ਐਸ ਡੀ ਐਮ ਰਾਜਪੁਰਾ ਸ੍ਰੀ ਅਵਿਕੇਸ਼ ਗੁਪਤਾ ਵੱਲੋਂ ਜਾਰੀ ਸਲਾਹਕਾਰੀ ਮੁਤਾਬਕ ਪਿੰਡਾਂ ਊਂਟਸਰ, ਨਨਹੇੜੀ, ਸੰਜਰਪੁਰ, ਲਾਛੜੂ, ਕਮਾਲਪੁਰ, ਰਾਮਪੁਰ, ਸੌਂਟਾ, ਮਾੜੂ ਅਤੇ ਚਮਾਰੂ ਸਮੇਤ ਨੇੜਲੇ ਇਲਾਕਿਆਂ ਦੇ ਵਸਨੀਕ ਸੁਚੇਤ ਰਹਿਣ ਤੇ ਘੱਗਰ ਨੇੜੇ ਨਾ ਜਾਣ।ਕਿਸੇ ਸੂਚਨਾ ਲਈ ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਦੇ ਨੰਬਰ 01762-224132 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਦੂਧਨ ਸਾਧਾਂ ਦੇ ਐਸ ਡੀ ਐਮ ਸ੍ਰੀ ਕਿਰਪਾਲਵੀਰ ਸਿੰਘ ਮੁਤਾਬਕ ਪਿੰਡ ਭਸਮੜਾ ਅਤੇ ਜਲਾਹਖੇੜੀ ਰਾਜੂ ਖੇੜੀ ਦੇ ਵਸਨੀਕਾਂ ਨੂੰ ਵੀ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਜਦਕਿ ਪਟਿਆਲਾ ਸਬ ਡਵੀਜ਼ਨ ਦੇ ਐਸ ਡੀ ਐਮ ਸ੍ਰੀਮਤੀ ਹਰਜੋਤ ਕੌਰ ਮਾਵੀ ਮੁਤਾਬਕ ਪਿੰਡ ਹਡਾਣਾ, ਪੁਰ ਅਤੇ ਸਿਰਕੱਪੜਾ ਆਦਿ ਦੇ ਵਸਨੀਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਜੇਕਰ ਜ਼ਿਆਦਾ ਪਾਣੀ ਆਉਣ ਦੀ ਕੋਈ ਸੂਚਨਾ ਹੋਵੇ ਤਾਂ ਤੁਰੰਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਕੰਟਰੋਲ ਰੂਮ ਨੰਬਰ 0175-2350550 ਤੇ 2358550 ਉਪਰ ਸੂਚਿਤ ਕੀਤਾ ਜਾਵੇ। ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਵੀ ਅਪੀਲ ਹੈ।

Leave feedback about this

  • Service
Choose Image