Latest News

ਹਰਜੋਤ ਸਿੰਘ ਬੈਂਸ ਭਾਈ ਜੈਤਾ ਜੀ ਦੇ ਇਤਿਹਾਸਿਕ ਅਸਥਾਨ ਗੁ:ਤੱਪ ਅਸਥਾਨ ਸਾਹਿਬ ਵਿਖੇ ਹੋਏ ਨਤਮਸਤਕ

ਸ਼੍ਰੀ ਅਨੰਦਪੁਰ ਸਾਹਿਬ 12 ਅਕਤੂਬਰ () ਕੈਬਨਿਟ ਮੰਤਰੀ ਪੰਜਾਬ ਸ੍ਰ:ਹਰਜੋਤ ਸਿੰਘ ਬੈਂਸ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਜੀ) ਦੇ ਮਹਾਨ ਪਵਿੱਤਰ ਅਸਥਾਨ ਗੁ:ਤੱਪ ਅਸਥਾਨ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਨਾਂ ਨੇ 350 ਸਾਲ ਪੁਰਾਤਨ ਤੋਸ਼ਾਖਾਨਾ ਅਤੇ ਮੋਰਚਿਆਂ ਦੇ ਦਰਸ਼ਨ ਕੀਤੇ।ਇਸ ਮੋਕੇ ਕੈਬਨਿਟ ਮੰਤਰੀ ਨੇ ਭਾਈ ਜੈਤਾ ਜੀ ਦੇ ਪਾਵਨ ਸ਼ਸ਼ਤਰ ਜਿਨਾਂ ਵਿੱਚ ਕੜਾ,ਕਮਰਕਸੇ ਦੀ ਕਟਾਰ ਅਤੇ ਪੁਰਾਤਨ ਨਾਗਨੀ ਦੇ ਦਰਸ਼ਨ ਵੀ ਕੀਤੇ। ਨਤਮਸਤਕ ਹੋਣ ਉਪਰੰਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਭਾਗਾਂ ਵਾਲੇ ਸਮਝਦੇ ਹਨ ਜਿਨਾਂ ਨੂੰ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੀ ਸੇਵਾ ਕਰਨ ਦਾ ਮੋਕਾ ਮਿਲਿਆ ਹੈ।ਉਨਾਂ ਦੱਸਿਆ ਕਿ ਨੋਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਗੁਰੂ ਸਾਹਿਬ ਦਾ ਪਾਵਨ ਸੀਸ ਸ਼੍ਰੀ ਅਨੰਦਪੁਰ ਸਾਹਿਬ ਲਿਆਉਣ ਵਾਲੇ,”ਰੰਘਰੇਟੇ ਗੁਰੂ ਕੇ ਬੇਟੇ” ਦਾ ਵਰ ਪ੍ਰਾਪਤ ਸ਼੍ਰੋਮਣੀ ਜਰਨੈਲ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਯਾਦ ਨੂੰ ਸਮਰਪਿਤ ਅਜਾਇਬ ਘਰ ਦਾ ਉਦਘਾਟਨ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਕੀਤਾ ਗਿਆ ਜਿਸ ਤੋਂ ਬਾਅਦ ਸਿੱਖ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ।ਉਨਾਂ ਕਿਹਾ ਕਿ ਇਸ ਅਜਾਇਬ ਘਰ ਵਿੱਚ ਭਾਈ ਜੈਤਾ ਜੀ ਦੀ ਸਾਰੀ ਜੀਵਨੀ ਨੂੰ ਪੂਰਨ ਮਰਿਆਦਾ ਅਨੁਸਾਰ ਦਰਸਾਇਆ ਗਿਆ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਨੋਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਤੇ ਸੰਗਤਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ।ਉਨਾਂ ਦੱਸਿਆ ਕਿ ਪਿਛਲੇ ਇੱਕ ਹਫਤੇ ਤੋਂ ਉਹ ਆਪਣੇ ਕੈਬਨਿਟ ਦੇ ਸਾਥੀਆਂ ਸਮੇਤ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ ਤਾਂ ਜੋ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰ ਲਏ ਜਾਣ।ਉਨਾਂ ਕਿਹਾ ਕਿ ਅੱਜ ਪੁਰਾਤਨ ਤੋਸ਼ਾਖਾਨਾ ਅਤੇ ਸ਼ਸ਼ਤਰਾਂ ਦੇ ਦਰਸ਼ਨ ਕਰਕੇ ਦਿਲ ਨੂੰ ਬੇਹੱਦ ਸਕੂਨ ਮਿਲਿਆ।

ਇਸ ਮੋਕੇ ਗੁਰਦੁਆਰਾ ਤੱਪ ਅਸਥਾਨ ਸਾਹਿਬ ਦੇ ਮੁੱਖ ਪ੍ਰਬੰਧਕ ਅਤੇ ਭਾਈ ਜੈਤਾ ਜੀ ਦੀ ਅੰਸ਼ ਵੰਸ਼ ਬਾਬਾ ਤੀਰਥ ਸਿੰਘ ਜੀ ਨੇ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੌਮਣੀ ਜਰਨੈਲ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਜੀ) ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਣਾਏ ਗਏ ਭਾਈ ਜੈਤਾ ਜੀ ਯਾਦਗਾਰੀ ਅਜਾਇਬ ਘਰ ਬਣਨ ਨਾਲ ਸਮੁੱਚੇ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ।ਬਾਬਾ ਜੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਕੁੱਝ ਮੰਗਾਂ ਬਾਰੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਉਨਾਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਹ ਇਹ ਸਾਰੇ ਕੰਮ ਸੇਵਾ ਦੇ ਰੂਪ ਵਿੱਚ ਜਲਦ ਕਰਵਾਉਣਗੇ।ਉਨਾਂ ਕਿਹਾ ਕਿ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਮਹਾਨ ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਲਈ ਦਿਨ ਰਾਤ ਇੱਕ ਕਰਕੇ ਸੇਵਾ ਕਰ ਰਹੇ ਹਨ ਜੋ ਕਿ ਬਹੁਤ ਸ਼ਲਾਘਯੋਗ ਹੈ, ਉਨਾਂ ਦੱਸਿਆ ਕਿ ਭਾਈ ਜੈਤਾ ਜੀ ਯਾਦਗਾਰੀ ਅਜਾਇਬ ਘਰ ਬਣਨ ਦੀ ਖੁਸ਼ੀ ਵਿੱਚ ਅੱਜ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਸਨਮਾਨ ਸਮੁੱਚੀਆਂ ਸੰਗਤਾਂ ਵੱਲੋਂ ਕੀਤਾ ਗਿਆ।ਇਸ ਮੋਕੇ ਬਾਬਾ ਜਰਨੈਲ ਸਿੰਘ,ਗੁਰਦਿਆਲ ਸਿੰਘ ਮੋਗਾ,ਤਰਸੇਮ ਸਿੰਘ ਸਿਆਲਕਾ,ਗੁਰਮੇਜ ਸਿੰਘ ਕੋਟਲੀ ਮੱਲੀ ਸੂਰਤ,ਇਕਬਾਲ ਸਿੰਘ ਭੁੱਲਰ,ਹਰਜਿੰਦਰ ਸਿੰਘ,ਦਰਸ਼ਨ ਸਿੰਘ,ਅਰਸ਼ਦੀਪ ਸਿੰਘ,ਸਰਵਣ ਸਿੰਘ ਮੰਡ ਸਮੇਤ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।ਇਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਸ਼ੰਮੀ ਬਰਾਰੀ, ਦਯਾ ਸਿੰਘ ਹਲਕਾ ਸਿੱਖਿਆ ਕੁਆਰਡੀਨੇਟਰ, ਕੰਵਲਜੋਤ ਸਿੰਘ ਸ਼ੋਸ਼ਲ ਮੀਡੀਆ ਹਲਕਾ ਕੁਆਰਡੀਨੇਟਰ, ਕਾਕਾ ਨਾਨਗਰਾਂ , ਨਿਤਿਨ ਬਾਸੋਵਾਲ,ਐਡ:ਰਜਤ ਬੇਦੀ,ਐਡ:ਨਿਖਿਲ ਭਾਰਦਵਾਜ,ਗੁਰਅਵਤਾਰ ਸਿੰਘ ਚੰਨ,ਬੀ.ਟੀ ਸਿੱਧੂ ਤੇ ਹੋਰ ਮੋਜੂਦ ਸਨ।

Leave feedback about this

  • Service
Choose Image