SpotLight ‎ News

ਭਾਖੜਾ ਤੋਂ ਪਾਣੀ ਦਾ ਬਹਾਅ ਵਧਿਆ, ਮੈਦਾਨੀ ਇਲਾਕਿਆਂ ‘ਚ ਹਾਲਾਤ ਮਾੜੇ ਹੋਣ ਦਾ ਖ਼ਦਸ਼ਾ

ਪਟਿਆਲਾ ਪ੍ਰਸ਼ਾਸਨ, ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ
ਸਤਲੁਜ ਕੰਡੇ ਬੈਠੇ ਲੋਕਾਂ ਨੂੰ ਰਾਹਤ ਕੈੰਪਾਂ ਵਿੱਚ ਜਾਣ ਦੀ ਅਪੀਲ, ਮੰਤਰੀ ਹਰਜੋਤ ਬੈਂਸ

ਚੰਡੀਗੜ੍ਹ ਬਿਊਰੋ, 3 ਸਤੰਬਰ

ਭਾਖੜਾ ਡੈਮ ਚੋਂ ਪਾਣੀ ਦਾ ਬਹਾਅ ਵਧਾ ਦਿੱਤਾ ਗਿਆ ਹੈ ਜਿਸ ਦੇ ਚਲਦਿਆਂ ਮੈਦਾਨੀ ਇਲਾਕਿਆਂ ‘ਚ ਪਾਣੀ ਛੱਡਿਆ ਜਾ ਰਿਹਾ ਹੈ। ਇਸ ਪਾਣੀ ਨਾਲ ਪਹਿਲਾਂ ਹੀ ਹੜ੍ਹਾਂ ਦੀ ਮਾਰ ਝੇਲ ਰਹੇ ਇਲਾਕਿਆਂ ਦੇ ਲੋਕਾਂ ਦੀਆਂ ਮੁਸੀਬਤਾਂ ਹੋਰ ਵਧਣਗੀਆਂ।

ਇਸ ਦੇ ਨਾਲ ਹੀ ਪਟਿਆਲਾ ਅਤੇ ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤੀ ਗਿਆ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਰਿਆ ਕੰਢੇ ਵਸੇ ਲੋਕਾਂ ਨੂੰ ਰਾਹਤ ਕੈੰਪਾਂ ਵਿਚ ਜਾਣ ਦੀ ਅਪੀਲ ਕੀਤੀ ਹੈ। ਇਕ ਜਾਰੀ ਕੀਤੇ ਗਏ ਵੀਡੀਓ ਸੰਦੇਸ਼ ‘ਚ ਉਨ੍ਹਾਂ ਦੱਸਿਆ ਕਿ ਪਿਛਲੇ ਕਈ ਘੰਟਿਆ ਤੋ ਹਿਮਾਚਲ ਪ੍ਰਦੇਸ਼ ਅਤੇ ਸਾਡੇ ਇਲਾਕੇ ਵਿੱਚ ਭਾਰੀ ਬਰਸਾਤ ਹੋ ਰਹੀ ਹੈ, ਜਿਸ ਕਾਰਨ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1678 ਹੋ ਗਿਆ ਹੈ। ਇਸ ਨਾਲ ਖੱਡਾਂ ਵੀ ਭਰ ਗਈਆਂ ਹਨ, ਡੈਮ ਤੋਂ ਥੋੜਾ ਜਿਹਾ ਵਾਧੂ ਪਾਣੀ ਛੱਡਿਆ ਜਾਣਾ ਹੈ ਜੋ ਕੁਝ ਘੰਟਿਆ ਵਿਚ ਸਾਡੇ ਇਲਾਕੇ ਦੇ ਪਿੰਡਾਂ ਵਿਚ ਪਹੁੰਚ ਜਾਵੇਗਾ। ਇਸ ਲਈ ਨੀਵੇ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਅਪੀਲ ਹੈ ਕਿ ਉਹ ਤੁਰੰਤ ਰਾਹਤ ਕੈਂਪਾਂ ਵਿਚ ਸੁਰੱਖਿਅਤ ਥਾਵਾ ‘ਤੇ ਆ ਜਾਣ।

ਉਨ੍ਹਾਂ ਨੇ ਕਿਹਾ ਕਿ ਪੰਚ, ਸਰਪੰਚ ਇਸ ਵਿਚ ਸਹਿਯੋਗ ਦੇਣ ਅਤੇ ਲੋਕਾਂ ਨੂੰ ਜਾਗਰੂਕ ਕਰਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ‘ਤੇ ਭਰੋਸਾ ਨਾ ਕਰਨ। ਉਨ੍ਹਾਂ ਨੇ ਦੱਸਿਆ ਕਿ ਐਨ.ਡੀ.ਆਰ.ਐਫ ਦੀਆਂ ਟੀਮਾ ਲੱਗੀਆਂ ਹੋਈਆਂ ਹਨ, ਅਸੀਂ ਆਪਣੇ ਸਹਿਯੋਗੀਆਂ ਨਾਲ ਸਾਰੀ ਰਾਤ ਸੇਵਾ ਵਿਚ ਲੱਗੇ ਰਹੇ, ਜਿੱਥੇ ਵੀ ਕੋਈ ਗੰਭੀਰ ਸਥਿਤੀ ਦੀ ਸੂਚਨਾ ਮਿਲੀ ਉਹ ਬੰਨ ਮਜਬੂਤ ਕੀਤੇ ਅਤੇ ਲੋਕਾ ਨੂੰ ਸੁਰੱਖਿਅਤ ਰੱਖਿਆ। ਇਹ ਸੇਵਾ ਸਾਡੇ ਪੰਚਾਂ, ਸਰਪੰਚਾਂ, ਯੂਥ ਕਲੱਬਾਂ, ਆਪ ਵਲੰਟੀਅਰ ਵੱਲੋਂ ਸਾਰੀ ਰਾਤ ਕੀਤੀ ਗਈ, ਹੁਣ ਸਾਡੀ ਅਪੀਲ ਹੈ ਕਿ ਜਿਹੜੇ ਇਲਾਕੇ ਨੀਵੇ ਹਨ, ਉਹ ਲੋਕ ਸੁਰੱਖਿਅਤ ਥਾਵਾਂ ਤੇ ਚਲੇ ਜਾਣ, ਅਗਲੇ ਕੁਝ ਘੰਟੇ ਚੋਂਕਸ ਰਹਿਣ ਦੀ ਜਰੂਰਤ ਹੈ।

ਘਨੌਰ ਦੇ ਪਿੰਡਾਂ ਲਈ ਹਾਈ ਅਲਰਟ:

ਘੱਗਰ ਨਦੀ ਦੇ ਕੈਚਮੈਂਟ ਖੇਤਰ ਵਿੱਚ ਪਏ ਭਾਰੀ ਮੀਂਹ ਕਾਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਜਪੁਰਾ ਸਬ ਡਵੀਜ਼ਨ ਦੇ ਘੱਗਰ ਨੇੜੇ ਪੈਂਦੇ ਕੁਝ ਪਿੰਡਾਂ ਦੇ ਵਸਨੀਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਐਸ ਡੀ ਐਮ ਰਾਜਪੁਰਾ ਸ੍ਰੀ ਅਵਿਕੇਸ਼ ਗੁਪਤਾ ਵੱਲੋਂ ਜਾਰੀ ਸਲਾਹਕਾਰੀ ਮੁਤਾਬਕ ਪਿੰਡਾਂ ਸੰਜਰਪੁਰ, ਊਂਟਸਰ, ਦੜਬਾ, ਸਲੇਮਪੁਰ, ਸ਼ਮਸ਼ਪੁਰ, ਜੰਡਮਗੋਲੀ, ਹਰਪਾਲਾਂ, ਰਾਮਪੁਰ, ਸੌਂਟਾ, ਮਾਰੀਆਂ, ਕਪੂਰੀ, ਕਮਾਲਪੁਰ, ਸਰਾਲਾ ਕਲਾਂ, ਸਰਾਲਾ ਖੁਰਦ, ਕਾਮੀ ਖੁਰਦ, ਚਮਾਰੂ, ਲਾਛੜੂ ਖੁਰਦ, ਮਹਿਦੂਦਾਂ, ਮੰਜੌਲੀ, ਮਾੜੂ, ਜੰਬੋਮਾਜਰਾ, ਜਮੀਤਗੜ੍ਹ, ਮਹਮਦਪੁਰ ਸਮੇਤ ਨੇੜਲੇ ਇਲਾਕਿਆਂ ਦੇ ਵਸਨੀਕ ਸੁਚੇਤ ਰਹਿਣ ਤੇ ਘੱਗਰ ਨੇੜੇ ਨਾ ਜਾਣ। ਕਿਸੇ ਸੂਚਨਾ ਲਈ ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਦੇ ਨੰਬਰ 01762-224132 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਕਿਸੇ ਵੀ ਸੂਚਨਾ ਲਈ ਤੁਰੰਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਕੰਟਰੋਲ ਰੂਮ ਨੰਬਰ 0175-2350550 ਉਪਰ ਸੂਚਿਤ ਕੀਤਾ ਜਾਵੇ। ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਵੀ ਅਪੀਲ ਹੈ।

ਫਾਜ਼ਿਲਕਾ ਪ੍ਰਸ਼ਾਸਨ ਦੀ ਅਪੀਲ

ਹੁਸੈਨੀ ਵਾਲਾ ਹੈਡਵਰਕਸ ਤੋਂ ਸਤਲੁਜ ਨਦੀ ਵਿੱਚ 3 ਲੱਖ 11 ਹਜਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਵਿੱਚ ਹੋਰ ਵਾਧਾ ਵੀ ਹੋ ਸਕਦਾ ਹੈ। ਇਸ ਲਈ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਸਤਲੁਜ ਕ੍ਰੀਕ ਪਾਰ ਦੇ ਲੋਕਾਂ ਨੂੰ ਅਪੀਲ ਹੈ ਕਿ ਸੁਚੇਤ ਰਹਿਣ। ਖਾਸ ਕਰਕੇ ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਰਾਹਤ ਕੈਂਪਾਂ ਵਿੱਚ ਜਾਂ ਪ੍ਰਭਾਵਿਤ ਇਲਾਕੇ ਤੋਂ ਬਾਹਰ ਸੁਰੱਖਿਅਤ ਥਾਵਾਂ ਤੇ ਭੇਜਿਆ ਜਾਵੇਂ। ਸਤਲੁਜ ਦੇ ਬੰਨ ਦੇ ਨੇੜੇ ਨਾ ਜਾਇਆ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਹਰ ਸਮੇਂ ਤੁਹਾਡੀ ਮਦਦ ਲਈ ਤਿਆਰ ਹਨ। ਉਹਨਾਂ ਨਾਲ ਸਹਿਯੋਗ ਕਰੋ। ਕਿਸੇ ਵੀ ਮਦਦ ਜਾਂ ਜਾਣਕਾਰੀ ਲਈ ਜਿਲ੍ਹਾ ਹੜ੍ਹ ਕੰਟਰੋਲ ਰੂਮ ਨੰਬਰ 01638 262 153 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave feedback about this

  • Service
Choose Image