Latest News

ਸੰਸਦ ਮੈਂਬਰ ਰਾਘਵ ਚੱਡਾ ਵੱਲੋਂ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਲਈ 50 ਲੱਖ ਅਤੇ ਮੀਤ ਹੇਅਰ ਵੱਲੋਂ 25 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ

ਅੰਮ੍ਰਿਤਸਰ,  3 ਸਤੰਬਰ 2025–

                 ਅੰਮ੍ਰਿਤਸਰ ਦੇ ਹੜ ਪ੍ਰਭਾਵਿਤ ਇਲਾਕੇ ਵਿੱਚ ਬਚਾਅ ਕਾਰਜਾਂ ਤੋਂ ਬਾਅਦ ਹੁਣ ਰਾਹਤ ਦਾ ਕੰਮ ਵੱਡੇ ਪੱਧਰ ਉੱਤੇ ਜਾਰੀ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਸਾਰੇ ਅਧਿਕਾਰੀ ਲੋਕਾਂ ਨੂੰ ਰਾਹਤ ਪਹੁੰਚਾਉਣ ਅਤੇ ਮੁੜ ਵਸੇਬੇ ਲਈ ਲੱਗੇ ਹੋਏ ਹਨ। ਇਹਨਾਂ ਵਿੱਚ ਵੱਖ ਵੱਖ ਜਥੇਬੰਦੀਆਂ, ਦਾਨੀ ਸੱਜਣਾਂ ਵੱਲੋਂ ਵੀ ਵੱਡਾ ਸਾਥ ਮਿਲ ਰਿਹਾ ਹੈ।

                ਅੱਜ ਸੰਸਦ ਮੈਂਬਰ ਸ੍ਰੀ ਰਾਘਵ ਚੱਡਾ ਅਤੇ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਕਰਮਵਾਰ 50 ਲੱਖ ਅਤੇ 25 ਲੱਖ ਰੁਪਏ ਦੀ ਗਰਾਂਟ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੂੰ ਦੇਣ ਦਾ ਐਲਾਨ ਕੀਤਾ ਹੈ।

                ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਭੇਜੇ ਗਏ ਪੱਤਰ ਵਿੱਚ ਸ੍ਰੀ ਰਾਘਵ ਚੱਡਾ ਨੇ ਲਿਖਿਆ ਕਿ ਪੰਜਾਬ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ ਮੈਂ ਇਸ ਸੰਕਟ ਵਿੱਚ ਆਪਣੇ ਲੋਕਾਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜਾ ਹਾਂ। ਉਹਨਾਂ ਅਪੀਲ ਕੀਤੀ ਕਿ ਇਹ ਪੈਸਾ ਹੜ ਪ੍ਰਭਾਵਿਤ ਇਲਾਕੇ ਵਿੱਚ ਲੋਕਾਂ ਦੀ ਮਦਦ ਲਈ ਖਰਚ ਕੀਤਾ ਜਾਵੇ।

                 ਇਸੇ ਦੌਰਾਨ ਸ੍ਰੀ ਮੀਤ ਹੇਅਰ ਜੋ ਕਿ ਪਿਛਲੇ ਤਿੰਨ ਦਿਨਾਂ ਤੋਂ ਖ਼ੁਦ ਆਪਣੀ ਟੀਮ ਲੈ ਕੇ ਹੜ ਪੀੜਤ ਇਲਾਕੇ ਵਿੱਚ ਰਾਹਤ ਦੇ ਕਾਰਜ ਕਰ ਰਹੇ ਸਨ, ਨੇ ਆਪਣੇ ਕੋਟੇ ਵਿੱਚੋਂ 25 ਲੱਖ ਰੁਪਏ ਦੀ ਗਰਾਂਟ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਹਤ ਦੇ ਕੰਮਾਂ ਲਈ ਦਿੱਤੀ। ਸ੍ਰੀ ਹੇਅਰ ਨੇ ਦੱਸਿਆ ਕਿ ਮੈਨੂੰ ਇਹਨਾਂ ਤਿੰਨਾਂ ਦਿਨਾਂ ਦੌਰਾਨ ਹੜ ਦੀ ਮਾਰ ਹੇਠ ਆਏ ਇਲਾਕੇ ਵਿੱਚ ਪੀੜਿਤ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਇਸ ਆਫਤ ਨੇ ਵੱਡਾ ਨੁਕਸਾਨ ਕੀਤਾ ਹੈ ਪਰ ਚੰਗੀ ਗੱਲ ਇਹ ਹੈ ਕਿ ਲੋਕਾਂ ਦੇ ਹੌਸਲੇ ਬੁਲੰਦ ਹਨ ਅਤੇ ਆਸ ਹੈ ਕਿ ਮਾਝੇ ਦੇ ਇਹ ਜੁਝਾਰੂ ਲੋਕ ਛੇਤੀ ਹੀ ਇਸ ਸੰਕਟ ਵਿੱਚੋਂ ਉਭਰ ਆਉਣਗੇ। ਉਹਨਾਂ ਆਪਣੇ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।

Leave feedback about this

  • Service
Choose Image