– ਕਣਕ ਦੇ ਸੀਜਨ ਲਈ ਅਜਨਾਲਾ ਹਲਕੇ ਵਾਸਤੇ ਕਣਕ ਦਾ ਬੀਜ ਸਾਂਭ ਕੇ ਰੱਖਣ ਦਾਨੀ ਕਿਸਾਨ -ਧਾਲੀਵਾਲ
-ਹੜ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਨੂੰ ਵੰਡਿਆ ਜ਼ਰੂਰੀ ਸਮਾਨ ਅਤੇ ਦਵਾਈਆਂ
ਅਜਨਾਲਾ, 3 ਸਤੰਬਰ
ਬੀਤੇ ਤਿੰਨ ਦਿਨਾਂ ਤੋਂ ਆਪਣੀ ਟੀਮ ਨਾਲ ਰਾਹਤ ਕੰਮਾਂ ਵਿੱਚ ਲੱਗੇ ਸੰਸਦ ਮੈਂਬਰ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ, ਜੋ ਕਿ ਪੰਜਾਬ ਤੇ ਇਸ ਦੇ ਗਵਾਂਢੀ ਸੂਬਿਆਂ ਤੋਂ ਅਜਨਾਲਾ ਹਲਕੇ ਨੂੰ ਆ ਰਹੀ ਮਦਦ ਤੇ ਇਸ ਦੀ ਵੰਡ ਨੂੰ ਗੁਹ ਨਾਲ ਵਾਚ ਰਹੇ ਹਨ, ਨੇ ਇਨਾਂ ਸੰਸਥਾਵਾਂ ਅਤੇ ਦਾਨੀ ਸ਼ਖਸ਼ੀਅਤਾਂ ਨੂੰ ਅਪੀਲ ਕੀਤੀ ਕਿ ਉਹ ਅਜਨਾਲਾ ਹਲਕੇ ਵਿੱਚ ਕੋਈ ਵੀ ਵਸਤੂ ਲੋੜਵੰਦਾਂ ਤੱਕ ਭੇਜਣ ਲਈ ਜਿਲਾ ਪ੍ਰਸ਼ਾਸਨ ਦੀ ਸਹਾਇਤਾ ਜ਼ਰੂਰ ਲੈਣ। ਪਿੰਡ ਸ਼ਹਿਜ਼ਾਦ ਵਿਖੇ ਪ੍ਰਭਾਵਿਤ ਲੋਕਾਂ ਨੂੰ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ਵੰਡ ਕਰਦੇ ਹੋਏ ਉਹਨਾਂ ਅਪੀਲ ਕੀਤੀ ਕਿ ਦਰਿਆ ਨਾਲ ਦੇ ਕੁੱਝ ਪਿੰਡ ਅਜਿਹੇ ਹਨ, ਜਿਨਾਂ ਲੋਕਾਂ ਨੂੰ ਆਪਣੇ ਘਰਾਂ ਵਿੱਚੋਂ ਪਾਉਣ ਵਾਲੇ ਕੱਪੜੇ ਵੀ ਚੁੱਕਣੇ ਨਸੀਬ ਨਹੀਂ ਹੋਏ, ਕਿਉਂਕਿ ਪਾਣੀ ਬਹੁਤ ਤੇਜ਼ੀ ਨਾਲ ਆਇਆ। ਉਹ ਲੋਕ ਅੱਜ ਵੀ ਉੱਚੀਆਂ ਥਾਵਾਂ ਉੱਤੇ ਜਾਂ ਰਾਹਤ ਕੈਂਪਾਂ ਵਿੱਚ ਉਹੀ ਅੱਠ ਦਿਨ ਪੁਰਾਣੇ ਕੱਪੜੇ ਪਾ ਕੇ ਬੈਠੇ ਹਨ। ਉਹਨਾਂ ਦੇ ਘਰਾਂ ਨੂੰ ਤਰੇੜਾਂ ਆ ਚੁੱਕੀਆਂ ਹਨ , ਘਰਾਂ ਦਾ ਸਾਰਾ ਸਮਾਨ ਜੋ ਕਿ ਪਿਛਲੇ ਸੱਤ-ਅੱਠ ਦਿਨ ਤੋਂ ਪਾਣੀ ਵਿੱਚ ਹੈ, ਬਰਬਾਦ ਹੋ ਚੁੱਕਾ ਹੈ, ਇਸ ਲਈ ਇਹਨਾਂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਜਾਂ ਉਹਨਾਂ ਵਿੱਚ ਹੱਥ ਵੰਡਾਉਣ ਲਈ ਜਰੂਰੀ ਹੈ ਕਿ ਸਾਡਾ ਸਮਾਨ ਸਹੀ ਹੱਥਾਂ ਤੱਕ ਪਹੁੰਚੇ। ਉਹਨਾਂ ਕਿਹਾ ਕਿ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਵਧੀਆ ਕੋਈ ਸਾਧਨ ਨਹੀਂ, ਸੋ ਜੋ ਵੀ ਸੱਜਣ ਇੱਥੇ ਕੋਈ ਸਮਗਰੀ ਦੇਣ ਵਾਸਤੇ ਆਉਣਾ ਚਾਹੁੰਦਾ ਹੈ ਜਾਂ ਆ ਰਿਹਾ ਹੈ, ਉਹ ਜਿਲਾ ਪ੍ਰਸ਼ਾਸਨ ਨਾਲ ਸੰਪਰਕ ਜ਼ਰੂਰ ਕਰੇ।
ਇਸੇ ਦੌਰਾਨ ਹਲਕਾ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਨੇ ਦੇਸ਼ ਭਰ ਵਿੱਚੋਂ ਆ ਰਹੀ ਮਦਦ ਲਈ ਸੰਸਥਾਵਾਂ ਅਤੇ ਦਾਨੀ ਪੁਰਸ਼ਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਹੈ, ਪਰ ਮੇਰੀ ਗੁਜ਼ਾਰਿਸ਼ ਹੈ ਕਿ ਤੁਹਾਡੇ ਵੱਲੋਂ ਦਿੱਤੀ ਗਈ ਸਹਾਇਤਾ ਲੋੜਵੰਦਾਂ ਤੱਕ ਪਹੁੰਚੇ,ਇਸ ਲਈ ਤੁਸੀਂ ਸਾਡੇ ਵੱਲੋਂ ਇਸ ਕੰਮ ਲਈ ਕਾਇਮ ਕੀਤੇ ਕੰਟਰੋਲ ਰੂਮ ਨਾਲ ਸੰਪਰਕ ਜ਼ਰੂਰ ਕਰੋ। ਉਹਨਾਂ ਨੇ ਦੱਸਿਆ ਕਿ ਅਸੀਂ ਚਮਿਆਰੀ ਹੜ ਰਾਹਤ ਕੇਂਦਰ ਵਿਖੇ ਕੰਟਰੋਲ ਰੂਮ ਜਿਸ ਦਾ ਫੋਨ ਨੰਬਰ 62804-00958 ਹੈ, ਵਿਖੇ ਸੰਪਰਕ ਕਰੋ ਤਾਂ ਜੋ ਅਸੀਂ ਤੁਹਾਨੂੰ ਉਸ ਪਿੰਡ ਜਿੱਥੇ ਸਭ ਤੋਂ ਵੱਧ ਲੋੜ ਹੋਵੇ, ਦੀ ਲੋਕੇਸ਼ਨ, ਉਸ ਪਿੰਡ ਦੇ ਨੰਬਰਦਾਰ ਜਾਂ ਸਰਪੰਚ ਦਾ ਫੋਨ ਨੰਬਰ ਦੇ ਸਕੀਏ, ਜੋ ਕਿ ਤੁਹਾਡੀ ਵੰਡ ਵਿੱਚ ਸਹਾਇਤਾ ਕਰੇ। ਉਹਨਾਂ ਨੇ ਪੰਜਾਬ ਭਰ ਦੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਸਾਡੇ ਕਿਸਾਨਾਂ ਨੇ ਆ ਰਹੇ ਸੀਜਨ ਵਿੱਚ ਜੋ ਕਣਕ ਬੀਜਣੀ ਸੀ ਦਾ ਬੀਜ ਪਾਣੀ ਵਿੱਚ ਭਿੱਜਣ ਕਰਕੇ ਖਰਾਬ ਹੋ ਗਿਆ ਹੈ, ਸੋ ਤੁਸੀਂ ਆਪਣੀਆਂ ਕਣਕਾਂ ਦੇ ਨਾਲ ਨਾਲ ਅਜਨਾਲਾ ਹਲਕੇ ਵਾਸਤੇ ਵੀ ਥੋੜਾ ਥੋੜਾ ਕਣਕ ਦਾ ਬੀਜ ਸੰਭਾਲ ਕੇ ਰੱਖਿਓ, ਤਾਂ ਜੋ ਅਸੀਂ ਹੜਾਂ ਤੋਂ ਬਾਅਦ ਖੇਤਾਂ ਦੀ ਸਫਾਈ ਕਰਕੇ ਕਣਕ ਦੀ ਬਜਾਈ ਕਰ ਸਕੀਏ।
Leave feedback about this