ਹੁਣ ਸਰਕਾਰੀ ਹਸਪਤਾਲ ’ਚ ਉਪਲਬਧ ਹੋਈ ਲਿਵਰ ਟ੍ਰਾਂਸਪਲਾਂਟ ਦੀ ਸੁਵਿਧਾ
ਚੰਡੀਗੜ੍ਹ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਦਸੰਬਰ
ਪੰਜਾਬ ਨੇ ਟ੍ਰਸ਼ਰੀ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇਤਿਹਾਸਕ ਪ੍ਰਾਪਤੀ ਦਰਜ ਕਰਦਿਆਂ ਮੋਹਾਲੀ ਸਥਿਤ ਸਰਕਾਰੀ ਸੰਸਥਾ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼ (PILBS) ਵਿੱਚ ਪਹਿਲਾ ਸਫਲ ਲਿਵਰ ਟ੍ਰਾਂਸਪਲਾਂਟ ਕਰਕੇ ਇਕ ਨਵਾਂ ਇਤਿਹਾਸ ਰਚਿਆ ਹੈ। ਇਸ ਨਾਲ ਹੁਣ ਸਰਕਾਰੀ ਹਸਪਤਾਲਾਂ ’ਚ ਵੀ ਲਿਵਰ ਟ੍ਰਾਂਸਪਲਾਂਟ ਦੀ ਆਧੁਨਿਕ ਤੇ ਸੰਵੇਦਨਸ਼ੀਲ ਸਹੂਲਤ ਉਪਲੱਬਧ ਹੋ ਗਈ ਹੈ।ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੰਗਲਵਾਰ ਨੂੰ ਟ੍ਰਾਂਸਪਲਾਂਟ ਕਰਵਾਏ ਮਰੀਜ਼ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਦੱਸਿਆ ਕਿ ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰੀ ਸੰਸਥਾ ਨੇ ਇੰਨੀ ਜਟਿਲ ਸਰਜਰੀ ਸਫਲਤਾਪੂਰਵਕ ਕੀਤੀ ਹੈ।
ਇਹ ਜ਼ਿੰਦਗੀ ਬਚਾਉਣ ਵਾਲਾ ਇਲਾਜ ਮਰੀਜ਼ ਨੂੰ ਕੇਵਲ 12 ਲੱਖ ਰੁਪਏ ਵਿੱਚ ਪ੍ਰਦਾਨ ਕੀਤਾ ਗਿਆ ਹੈ, ਜਦਕਿ ਨਿੱਜੀ ਹਸਪਤਾਲਾਂ ਵਿੱਚ ਇਹ ਖਰਚਾ 45 ਤੋਂ 50 ਲੱਖ ਤੱਕ ਪੈਂਦਾ ਹੈ।
27 ਨਵੰਬਰ ਨੂੰ ਕੀਤੀ ਗਈ ਸਰਜਰੀ ਤੋਂ ਬਾਅਦ ਮਰੀਜ਼ ਦੀ ਹਾਲਤ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਜਲਦ ਛੁੱਟੀ ਦਿੱਤੇ ਜਾਣ ਦੀ ਉਮੀਦ ਹੈ।
ਡਾ. ਬਲਬੀਰ ਸਿੰਘ ਨੇ ਸੰਸਥਾ ਦੇ ਡਾਇਰੈਕਟਰ ਡਾ. ਵੀਰੇਂਦਰ ਸਿੰਘ ਅਤੇ ਲਿਵਰ ਟ੍ਰਾਂਸਪਲਾਂਟ ਵਿਭਾਗ ਦੇ ਮੁਖੀ ਡਾ. ਕੇ. ਰਾਜਸ਼ੇਖਰ ਦੀ ਅਗਵਾਈ ਹੇਠ ਮੈਡੀਕਲ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਪੀ.ਜੀ.ਆਈ.ਐੱਮ.ਈ.ਆਰ., ਚੰਡੀਗੜ੍ਹ ਅਤੇ ਅੰਗ ਦਾਨ ਕਰਨ ਵਾਲੇ ਪਰਿਵਾਰ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ PILBS 24×7 ਐਮਰਜੈਂਸੀ ਅਤੇ ਆਈ.ਸੀ.ਯੂ. ਸਹੂਲਤਾਂ ਨਾਲ ਲੈਸ ਹੈ। ਨਵਾਂ 175 ਬਿਸਤਰਿਆਂ ਵਾਲਾ ਇਨਡੋਰ ਬਲਾਕ ਤਿਆਰ ਕੀਤਾ ਜਾ ਰਿਹਾ ਹੈ ਅਤੇ ਅਧੁਨਿਕ ਡਾਇਗਨੋਸਟਿਕ ਯੂਨਿਟ ਵੀ ਪੂਰੀ ਤਰ੍ਹਾਂ ਕਾਰਗਰ ਹੋ ਰਿਹਾ ਹੈ।
ਇਸ ਨਾਲ ਹੀ ਸੰਸਥਾ ਕਲੀਨਿਕਲ ਸਰਵੋਤਮਤਾ ਤੇ ਖੋਜ ਦੇ ਖੇਤਰ ਵਿੱਚ ਵਿਸ਼ਵ ਪੱਧਰ ਦਾ ਕੇਂਦਰ ਬਣ ਰਹੀ ਹੈ।ਮੰਤਰੀ ਨੇ ਘੋਸ਼ਣਾ ਕੀਤੀ ਕਿ ਅਗਲੇ ਸਾਲ ਤੱਕ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਗੁਰਦਾ ਟ੍ਰਾਂਸਪਲਾਂਟ ਦੀ ਸੁਵਿਧਾ ਵੀ ਸ਼ੁਰੂ ਕੀਤੀ ਜਾਵੇਗੀ। ਇਸ ਨਾਲ ਪੰਜਾਬ ਦੇ ਸਰਕਾਰੀ ਮੈਡੀਕਲ ਖੇਤਰ ਵਿੱਚ ਇਕ ਨਵਾਂ ਯੁੱਗ ਸ਼ੁਰੂ ਹੋ ਰਿਹਾ ਹੈ।
Leave feedback about this